ਸਤਿੰਦਰ ਕੌਰ ਦੀ ਆਸਟ੍ਰੇਲੀਅਨ ਵਿਮੈਨ ਬਾਕਸਿੰਗ ਟੀਮ ਦੀ ਮੈਨੇਜਰ ਵਜੋਂ ਨਿਯੁਕਤੀ

Satinder Kaur Lead image.jpeg

Satinder Kaur made a comeback to the boxing ring after a gap of almost 17 yearsy. Credit: Satinder Kaur

ਤਕਰੀਬਨ 17 ਸਾਲਾਂ ਦੇ ਵਕਫੇ ਤੋਂ ਬਾਅਦ ਬਾਕਸਿੰਗ ਖੇਡ ਨਾਲ ਮੁੜ ਤੋਂ ਜੁੜੀ ਸਤਿੰਦਰ ਕੌਰ ਨੂੰ ਦੋਹਰੀ ਜ਼ਿੰਮੇਵਾਰੀ ਮਿਲੀ ਹੈ। ਜਿੱਥੇ ਉਸਨੂੰ ਆਸਟ੍ਰੇਲੀਅਨ ਵੂਮੈਨ ਬਾਕਸਿੰਗ ਟੀਮ ਦੀ ਆਈਬੀਏ ਵਿਸ਼ਵ ਚੈਂਪੀਅਨਸ਼ਿਪ ਲਈ ਮੈਨੇਜਰ ਨਿਯੁਕਤ ਕੀਤਾ ਗਿਆ ਹੈ, ਉੱਥੇ ਨਾਲ ਹੀ ਉਸਨੂੰ ਐਨ ਐਸ ਡਬਲਿਊ ਬਾਕਸਿੰਗ ਟੀਮ ਦੀ ਅਸਿਟੈਂਟ ਕੋਚ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ।


ਸਿਡਨੀ ਨਿਵਾਸੀ ਸਤਿੰਦਰ ਕੌਰ ਜਿਸ ਨੇ ਆਸਟ੍ਰੇਲੀਆ ਪ੍ਰਵਾਸ ਕਰਨ ਤੋਂ ਪਹਿਲਾਂ ਭਾਰਤ ਵਿੱਚ ਰਹਿੰਦੇ ਹੋਏ ਬਾਕਸਿੰਗ ਦੇ ਖੇਤਰ ਵਿੱਚ ਕਈ ਨਾਮਣੇਂ ਖੱਟੇ ਹੋਏ ਹਨ, ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਮੈਨੇਜਰ ਵਜੋਂ ਹੋਈ ਆਪਣੀ ਨਿਯੁਕਤੀ ਬਾਰੇ ਜਾਣਕਾਰੀ ਸਾਂਝੀ ਕੀਤੀ।

“ਮੈਂ ਹੁਣ ਆਸਟ੍ਰੇਲੀਆ ਦੀ ਬਾਕਸਿੰਗ ਟੀਮ ਦੇ ਪ੍ਰਸ਼ਾਸਕੀ ਕਾਰਜ ਸੰਭਾਲਿਆ ਕਰਾਂਗੀ ਜਿਸ ਵਿੱਚ, ਖਿਡਾਰੀਆਂ ਦੀਆਂ ਟੂਰਨਾਮੈਂਟ ਲਈ ਨਾਮਜ਼ਦਗੀਆਂ, ਮੈਡੀਕਲ ਰਿਪੋਰਟਾਂ, ਯਾਤਰਾਵਾਂ, ਖਾਣਿਆਂ, ਸ਼ਰੀਰਕ ਭਾਰ ਤੋਂ ਲੈ ਕਿ ਟੂਰਨਾਮੈਂਟ ਦੇ ਨਤੀਜਿਆਂ ਤੱਕ ਦੀ ਜਿੰਮੇਵਾਰੀ ਨਿਭਾਉਣੀ ਹੋਵੇਗੀ," ਉਨ੍ਹਾਂ ਕਿਹਾ।

ਭਾਰਤ ਸਥਿੱਤ ਆਪਣੇ ਪਹਿਲੇ ਕੋਚ ਸ਼ਿਵ ਸਿੰਘ ਜਿਹਨਾਂ ਨੂੰ ਦਰੋਣਾਚਾਰਿਆ ਸਨਮਾਨ ਵੀ ਮਿਲ ਚੁੱਕਾ ਹੈ, ਨੂੰ ਮਾਣ ਦਿੰਦੇ ਹੋਏ ਉਨ੍ਹਾਂ ਦੱਸਿਆ, “ਮੈਂ 20 ਸਾਲਾਂ ਦੀ ਉਮਰ ਵਿੱਚ ਬਾਕਸਿੰਗ ਦੀ ਖੇਡ ਖੇਡਣੀ ਸ਼ੁਰੂ ਕੀਤੀ ਸੀ ਅਤੇ ਆਪਣੀ ਮਿਹਨਤ ਅਤੇ ਕੋਚ ਸਾਹਿਬਾਨਾਂ ਦੀ ਮੱਦਦ ਨਾਲ ਸਟੇਟ ‘ਤੇ ਰਾਸ਼ਟਰੀ ਲੈਵਲ ਦੇ ਕਈ ਖਿਤਾਬ ਜਿੱਤੇ”।
Satinder Kaur
Satinder as Assitant Coach with NSW Boxing Credit: Ms Kaur
ਸਤਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਰਿਵਾਰ ਵਿੱਚੋਂ ਕੋਈ ਵੀ ਮੈਂਬਰ ਖੇਡਾਂ ਨਾਲ ਨਹੀਂ ਜੁੜਿਆ ਹੋਇਆ ਪਰ ਇਸਦੇ ਬਾਵਜੂਦ ਉਹਨਾਂ ਨੂੰ ਆਪਣੇ ਪਿਤਾ ਵਲੋਂ ਭਰਪੂਰ ਸਹਿਯੋਗ ਮਿਲਿਆ।

ਪੰਜਾਬ ਤੋਂ ਮੋਹਾਲੀ ਦੇ ਪਿਛੋਕੜ ਵਾਲੀ ਸਤਿੰਦਰ ਨੇ 2002 ਦੀਆਂ ਨੈਸ਼ਨਲ ਬਾਕਸਿੰਗ ਖੇਡਾਂ ਵਿੱਚ ਚਾਂਦੀ ਦਾ ਤਗਮਾ ਅਤੇ 2003 ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ।

2007 ਵਿੱਚ ਆਸਟ੍ਰੇਲੀਆ ਪ੍ਰਵਾਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਵੇਂ ਦੇਸ਼ ਵਿੱਚ ਸਥਾਪਤ ਹੋਣ ਲਈ ਕੀਤੇ ਜਾਣ ਵਾਲੇ ਸੰਘਰਸ਼ ਕਾਰਨ ਕੁੱਝ ਸਾਲ ਬਾਕਸਿੰਗ ਦੇ ਰਿੰਗ ਤੋਂ ਦੂਰ ਰਹਿਣਾ ਪਿਆ।
Satinder with team
Credit: Ms Kaur
ਆਸਟ੍ਰੇਲੀਆ ਵਿੱਚ ਬਾਕਸਿੰਗ ਦੀ ਖੇਡ ਔਰਤਾਂ ਲਈ ਸਿਰਫ 2010 ਵਿੱਚ ਹੀ ਸ਼ੁਰੂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਸਿਰਫ ਮਰਦ ਖਿਡਾਰੀ ਹੀ ਬਾਕਸਿੰਗ ਖੇਡ ਸਕਦੇ ਸਨ।

ਪਰ ਇਸ ਦੌਰਾਨ, ਇੱਕ ਖਿਡਾਰੀ ਵਜੋਂ ਸਤਿੰਦਰ ਨੇ ਬੱਚਿਆਂ ਅਤੇ ਭਾਈਚਾਰੇ ਦੇ ਹੋਰਨਾਂ ਲੋਕਾਂ ਲਈ ਸ਼ਰੀਰਤ ਤੰਦਰੁਸਤੀ ਬਣਾਈ ਰੱਖਣ ਵਾਲੇ ਕਈ ਉਪਰਾਲੇ ਜਾਰੀ ਰੱਖੇ।

ਹੁਣ ਉਸਨੂੰ ਐਨ ਐਸ ਡਬਲਿਊ ਬਾਕਸਿੰਗ ਟੀਮ ਦੀ ਅਸਿਸਟੈਂਟ ਕੋਚ ਵੀ ਨਿਯੁਕਤ ਕਰ ਲਿਆ ਗਿਆ ਹੈ ਜਿਸ ਨਾਲ ਇਹਨਾਂ ਦੀਆਂ ਜਿੰਮੇਵਾਰੀਆਂ ਹੋਰ ਵੀ ਵੱਧ ਗਈਆਂ ਹਨ।

“ਜੂਨੀਅਰ ਅਤੇ ਸੀਨੀਅਰ ਟੀਮਾਂ ਨੂੰ ਟਰੇਨ ਕਰਨ ਤੋਂ ਅਲਾਵਾ, ਖਿਡਾਰੀਆਂ ਨੂੰ ਰਿੰਗ ਟੈਕਨੀਕਸ ਅਤੇ ਹੋਰ ਟੈਕਟਿਕਸ ਸਮਝਾਉਣ ਦੀ ਮੇਰੀ ਜਿੰਮੇਵਾਰੀ ਹੋਵੇਗੀ," ਉਨ੍ਹਾਂ ਕਿਹਾ।

“ਸਾਨੂੰ ਸਾਰਿਆਂ ਨੂੰ, ਉਮਰ ਦੇ ਹਰ ਪੜਾਅ ਤੇ ਰਹਿੰਦੇ ਹੋਏ ਆਪਣੀ ਸ਼ਰੀਰਕ ਤੰਦਰੁਸਤੀ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।"

ਜੇ ਕਿਸੇ ਨੂੰ ਬਾਕਸਿੰਗ ਦੇ ਖੇਤਰ ਵਿੱਚ ਕਿਸੇ ਕਿਸਮ ਦੇ ਸਹਿਯੋਗ ਦੀ ਲੋੜ ਹੋਵੇ ਤਾਂ ਉਹ ਸਤਿੰਦਰ ਕੌਰ ਨਾਲ ਸੰਪਰਕ ਕਰ ਸਕਦੇ ਹਨ, ਜਿਸਦਾ ਵੇਰਵਾ ਪੌਡਕਾਸਟ ਸੁਣਦੇ ਹੋਏ ਲਿਆ ਜਾ ਸਕਦਾ ਹੈ।

Share