'ਵਤਨੋਂ ਦੂਰ ਲੱਗੇ ਨੇ ਮੇਲੇ': ਆਸਟ੍ਰੇਲੀਆ ਵਿੱਚ ਦੀਵਾਲੀ ਦੀ ਧੂਮ-ਧਾਮ

399047628_725813652916973_2650024778848563623_n.jpg

ਮੈਲਬਰਨ ਦੇ ਫੈਡਰੇਸ਼ਨ ਸਕੁਏਅਰ ਵਿਖੇ ਸੈਲੀਬਰੇਟ ਇੰਡੀਆ ਵਲੋਂ ਕਰਵਾਏ ਗਏ ਦੀਵਾਲੀ ਮੇਲੇ ਦੀ ਤਸਵੀਰ। Credit: Supplied

ਰੌਸ਼ਨੀਆਂ ਦਾ ਤਿਓਹਾਰ ਦੀਵਾਲੀ ਅਤੇ ਬੰਦੀਛੋੜ ਦਿਵਸ ਆਉਂਦੇ ਐਤਵਾਰ 12 ਨਵੰਬਰ ਨੂੰ ਮਨਾਇਆ ਜਾਣਾ ਹੈ। ਸਾਰਾ ਸਾਲ ਉਡੀਕੇ ਜਾਂਦੇ ਇਸ ਤਿਓਹਾਰ ਲਈ ਅੱਜਕੱਲ੍ਹ ਜਿੱਥੇ ਭਾਰਤ ਵਿਚ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਨੇ ਤਾਂ ਉਥੇ ਆਸਟ੍ਰੇਲੀਆ ਵੀ ਪਿੱਛੇ ਨਹੀਂ ਹੈ। ਆਸਟ੍ਰੇਲੀਆ ਦੇ ਹਰ ਕੋਨੇ ਵਿਚ ਅੱਜ-ਕੱਲ੍ਹ ਦੀਵਾਲੀ ਨਾਲ ਸਬੰਧਤ ਖਾਸ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ਉੱਤੇ ਕਲਿੱਕ ਕਰੋ....


ਪਿਛਲੇ ਦਿਨੀਂ ਐਡੀਲੇਡ ਵਿੱਚ ਦੀਵਾਲੀ ਮੇਲੇ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ ਸਨ ਤਾਂ ਲੰਘੇ ਵੀਕੈਂਡ ਮੈਲਬਰਨ ਅਤੇ ਪਰਥ ’ਚ ਦੀਵਾਲੀ ਮੇਲਿਆਂ ਨੇ ਆਪਣੇ ਘਰਾਂ-ਪਰਿਵਾਰਾਂ ਤੋਂ ਦੂਰ ਬੈਠੇ ਲੋਕਾਂ ਨੂੰ ਪੁਰਾਣੇ ਦਿਨ ਯਾਦ ਕਰਵਾ ਦਿੱਤੇ।

ਇਨ੍ਹਾਂ ਮੇਲਿਆਂ ਦਾ ਹਿੱਸਾ ਬਣੀਆਂ ਵੱਖ-ਵੱਖ ਵੰਨਗੀਆਂ ਨੇ ਜਿੱਥੇ ਭਾਰਤੀ ਸੱਭਿਆਚਾਰ ਦੀਆਂ ਤਸਵੀਰਾਂ ਪੇਸ਼ ਕੀਤੀਆਂ ਉਥੇ ਹੀ ਹਾਜ਼ਰ ਲੋਕਾਂ ਦਾ ਪੂਰਾ ਮਨੋਰੰਜਨ ਵੀ ਕੀਤਾ।

ਇਨ੍ਹਾਂ ਸਾਰੇ ਦੀਵਾਲੀ ਮੇਲਿਆਂ ਦੀ ਐੱਸਬੀਐੱਸ ਵਲੋਂ ਵਿਸ਼ੇਸ਼ ਕਵਰੇਜ ਕੀਤੀ ਗਈ।

ਪਰਥ ਦੀ ਲੈਂਗਲੀ ਪਾਰਕ ਵਿੱਚ ਇੰਡੀਅਨ ਸੁਸਾਇਟੀ ਆਫ ਵੈਸਟਰਨ ਆਸਟ੍ਰੇਲੀਆ ਵਲੋਂ ਦੀਵਾਲੀ ਮੇਲਾ ਕਰਵਾਇਆ ਗਿਆ। ਇੱਥੇ ਪੁੱਜੇ ਭਾਈਚਾਰੇ ਦੇ ਲੋਕਾਂ ਨੇ ਭਾਰਤੀ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਦੇ ਨਾਲ-ਨਾਲ ਭਾਰਤੀ ਖਾਣਿਆਂ ਛੋਲੇ-ਭਟੂਰੇ, ਜਲੇਬੀਆਂ ਆਦਿ ਦਾ ਪੂਰਾ ਲੁਤਫ਼ ਲਿਆ।
ਇਸੇ ਤਰ੍ਹਾਂ ਦੀਆਂ ਰੌਣਕਾਂ ਮੈਲਬਰਨ ਸਿਟੀ ਵਿੱਚ ਵੀ ਵੇਖਣ ਨੂੰ ਮਿਲੀਆਂ, ਜਿਥੇ ਫੈਡਰੇਸ਼ਨ ਸਕੁਏਅਰ ਵਿਖੇ ਸੈਲੀਬਰੇਟ ਇੰਡੀਆ ਵਲੋਂ ਦੀਵਾਲੀ ਮੇਲਾ ਕਰਵਾਇਆ ਗਿਆ।

ਇਸ ਮੇਲੇ ਵਿੱਚ ਭਾਰਤ ਦੀਆਂ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਰਾਤ ਵੇਲੇ ਹੋਈ ਆਤਿਸ਼ਬਾਜੀ ਨੇ ਸਭ ਦਾ ਮਨ ਮੋਹ ਲਿਆ।
ਮੈਲਬਰਨ 'ਚ ਪੰਜਾਬੀਆਂ ਦੀ ਭਰੀ ਆਬਾਦੀ ਵਾਲੇ ਇਲਾਕੇ ਵਜੋਂ ਜਾਣੇ ਜਾਂਦੇ ਕਰੇਗੀਬਰਨ ਵਿਚ ਹਿਊਮ ਦੀਵਾਲੀ ਮੇਲਾ ਵੀ ਯਾਦਗਾਰੀ ਹੋ ਨਿਬੜਿਆ।

ਇਹ ਮੇਲਾ ਭਾਈਚਾਰੇ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਵਤਨ ਤੋਂ ਦੂਰ ਵਤਨ ਦਾ ਅਹਿਸਾਸ ਕਰਾ ਗਿਆ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੰਮ-ਕਾਜ ਦੀ ਦੌੜਭੱਜ ਵਿਚਕਾਰ ਅਜਿਹੇ ਮੇਲੇ ਰੂਹ ਨੂੰ ਤਰੋ-ਤਾਜ਼ਾ ਕਰ ਜਾਂਦੇ ਹਨ ਅਤੇ ਅਕਸਰ ਦੀਵਾਲੀ ਮੌਕੇ ਮਾਣਿਆ ਆਨੰਦ ਸਾਰਾ ਸਾਲ ਯਾਦ ਰਹਿੰਦਾ ਹੈ।

ਇਸੇ ਕੜੀ ਵਿੱਚ ਆਪਣੇ ਸਰੋਤਿਆਂ ਦੀ ਦੀਵਾਲੀ ਨੂੰ ਯਾਦਗਾਰੀ ਬਣਾਉੇਣ ਦੇ ਲਈ ਐੱਸਬੀਐੱਸ ਵਲੋਂ ਵੀ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ।

ਐੱਸਬੀਐੱਸ ਦਾ ਪੁਰਸਕਾਰ ਰੂਪੀ ਇਹ ਖਾਸ ਤੋਹਫਾ ਹਾਸਲ ਕਰਨ ਦੇ ਲਈ ਤੁਹਾਨੂੰ ਦੀਵਾਲੀ ਨਾਲ ਸਬੰਧ ਤਸਵੀਰਾਂ ਅਤੇ ਵੀਡੀਓਜ਼ ਸਾਨੂੰ ਭੇਜਣੀਆਂ ਹਨ।

ਇਸ ਸਬੰਧੀ ਸਾਰਾ ਵੇਰਵਾ ਤੁਸੀਂ ਐੱਸਬੀਐੱਸ ਪੰਜਾਬੀ ਦੇ ਫੇਸਬੁੱਕ ਪੇਜ ਤੋਂ ਹਾਸਿਲ ਕਰ ਸਕਦੇ ਹੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ। ਸਾਨੂੰ  ਤੇ ਉੱਤੇ ਵੀ ਫਾਲੋ ਕਰੋ।

Share