ਆਸਟ੍ਰੇਲੀਆ ਵਿੱਚ ਬੱਸ-ਚਾਲਕ ਗਗਨਦੀਪ ਸਿੰਘ ਦੀ ਹਾਦਸੇ 'ਚ ਮੌਤ, ਭਾਈਚਾਰੇ ਵੱਲੋਂ ਨਮ ਅੱਖਾਂ ਨਾਲ਼ ਸ਼ਰਧਾਂਜਲੀ

Community mourns death of Indian bus driver Gagandeep Singh who died in an accident on 7th July, 2023 in Port Augusta, South Australia.

Credit: Supplied by Rubal Singh

ਮੰਨਿਆ ਜਾ ਰਿਹਾ ਹੈ ਕਿ ਮ੍ਰਿਤਕ ਗਗਨਦੀਪ ਸਿੰਘ ਨੇ ਬੱਸ ਪਾਰਕਿੰਗ ਲਈ ਖੜ੍ਹੀ ਕੀਤੀ ਸੀ ਅਤੇ ਉਸਦੇ ਵਿੱਚੋਂ ਬਾਹਰ ਨਿਕਲਣ ਮਗਰੋਂ, ਅੱਗੇ ਨੂੰ ਰੁੜ੍ਹੀ ਆਓਂਦੀ ਬੱਸ ਉਸ ਨਾਲ਼ ਟਕਰਾ ਗਈ ਜਿਸ ਪਿੱਛੋਂ ਉਸਦੀ ਮੌਤ ਹੋ ਗਈ। ਹੋਰ ਵੇਰਵੇ ਲਈ ਗਗਨਦੀਪ ਸਿੰਘ ਦੇ ਰਿਸ਼ਤੇਦਾਰ ਰੂਬਲ ਸਿੰਘ ਨਾਲ਼ ਕੀਤੀ ਇਹ ਇੰਟਰਵਿਊ ਸੁਣੋ....


ਐਡੀਲੇਡ ਤੋਂ ਤਕਰੀਬਨ 300 ਕਿਲੋਮੀਟਰ ਦੂਰ ਸ਼ਹਿਰ ਪੋਰਟ ਔਗਸਟਾ ਵਿੱਚ ਇੱਕ ਹਾਦਸੇ ਦੌਰਾਨ 28-ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਦੀ ਮੌਤ ਹੋ ਗਈ ਹੈ।

ਮ੍ਰਿਤਕ ਪੰਜਾਬ ਦੇ ਲੁਧਿਆਣਾ ਜਿਲ੍ਹੇ ਨਾਲ਼ ਸਬੰਧਿਤ ਸੀ ਅਤੇ ਉਸਦੇ ਪਰਿਵਾਰ ਦਾ ਪਿਛੋਕੜ ਦੋਰਾਹੇ ਤੋਂ ਦੱਸਿਆ ਜਾ ਰਿਹਾ ਹੈ।

ਉਸਦੇ ਰਿਸ਼ਤੇਦਾਰ ਰੂਬਲ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਦੋ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਕੁਝ ਚਿਰ ਸਟੂਡੈਂਟ ਵੀਜ਼ੇ 'ਤੇ ਰਹਿਣ ਪਿੱਛੋਂ ਹੁਣ ਆਪਣੇ 491-ਵੀਜ਼ੇ ਲਈ ਨੌਮੀਨੇਸ਼ਨ ਦੀ ਉਡੀਕ ਕਰ ਰਿਹਾ ਸੀ।

"ਉਸਨੇ ਸਾਡੇ ਕੋਲ ਮੈਲਬੌਰਨ ਆ ਜਾਣਾ ਸੀ। ਬੱਸ ਡਰਾਈਵਰੀ ਦੀ ਇਹ ਉਸਦੀ ਆਖਰੀ ਸ਼ਿਫਟ ਸੀ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ," ਉਨ੍ਹਾਂ ਕਿਹਾ।

"ਹਾਲ ਹੀ ਵਿੱਚ ਗਗਨ ਨੇ ਆਪਣੀ ਇੱਕ ਭੈਣ ਦਾ ਵਿਆਹ ਕੀਤਾ ਸੀ ਅਤੇ ਹੁਣ ਉਸਦੇ ਮਾਪੇ ਉਸਦਾ ਵਿਆਹ ਕਰਨ ਦੀ ਸੋਚ ਰਹੇ ਸੀ।
ਪੁਲਿਸ ਮੁਤਾਬਿਕ ਸ਼ੁੱਕਰਵਾਰ 7 ਜੁਲਾਈ ਨੂੰ ਦੁਪਹਿਰ 3.30 ਦੇ ਕਰੀਬ ਕੌਨਰੋਏ ਸਟਰੀਟ 'ਤੇ ਇੱਕ ਵਿਅਕਤੀ ਦੀ ਬੱਸ ਵੱਲੋਂ ਮਾਰੀ ਟੱਕਰ ਕਾਰਨ ਮੌਤ ਹੋ ਗਈ ਹੈ।

ਹਸਪਤਾਲ ਲਿਜਾਣ ਤੋਂ ਪਹਿਲਾਂ ਪੈਰਾਮੈਡਿਕਸ ਦੁਆਰਾ ਉਸ ਵਿਅਕਤੀ ਦਾ ਮੌਕੇ 'ਤੇ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਉਸਦੀ ਜਾਨ ਨਾ ਬਚਾਅ ਸਕੇ।
ਗਗਨਦੀਪ ਭੰਗੜੇ ਦੇ ਖੇਤਰ ਵਿੱਚ ਕੌਮੀ ਪੱਧਰ 'ਤੇ ਨਾਮਣਾ ਖੱਟ ਚੁੱਕਾ ਸੀ। ਉਹ ਮੈਲਬੌਰਨ ਦੀ ਪੰਜ ਆਬ ਭੰਗੜਾ ਟੀਮ ਦਾ ਵੀ ਮੈਂਬਰ ਸੀ।
ਅਮਿੰਦਰ ਧਾਮੀ
'ਪੰਜ ਆਬ ਭੰਗੜਾ ਮੈਲਬੌਰਨ' ਵੱਲੋਂ ਅਮਿੰਦਰ ਧਾਮੀ ਨੇ ਘਟਨਾ 'ਤੇ ਅਫਸੋਸ ਪ੍ਰਗਟਾਉਂਦਿਆਂ ਗਗਨਦੀਪ ਨੂੰ ਇੱਕ 'ਖੁਸ਼ਦਿਲ ਤੇ ਮਿਲਾਪੜੇ' ਸੁਭਾਅ ਦੇ ਨੌਜਵਾਨ ਵਜੋਂ ਯਾਦ ਕੀਤਾ ਹੈ।

ਭਾਈਚਾਰੇ ਵਲੋ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ 'ਗੋ ਫੰਡ ਮੀ' ਜ਼ਰੀਏ 60,000 ਡਾਲਰ ਇਕੱਠੇ ਹੋਏ ਹਨ ਜਿਸ ਲਈ ਰੂਬਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਹੈ।

ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....
LISTEN TO
Punjabi_10072023_Port Augusta Tragedy.mp3 image

ਆਸਟ੍ਰੇਲੀਆ ਵਿੱਚ ਬੱਸ-ਚਾਲਕ ਗਗਨਦੀਪ ਸਿੰਘ ਦੀ ਹਾਦਸੇ 'ਚ ਮੌਤ, ਭਾਈਚਾਰੇ ਵੱਲੋਂ ਨਮ ਅੱਖਾਂ ਨਾਲ਼ ਸ਼ਰਧਾਂਜਲੀ

SBS Punjabi

10/07/202306:36

Share